ਲਿਫਟ ਲੈਣ ਬਹਾਨੇ ਕਾਰੋਬਾਰੀਆਂ ਨੂੰ ਬਲੈਕਮੇਲ ਕਰ ਕੇ ਪੈਸਾ ਠੱਗਣ ਵਾਲੀ ਇਕ ਸ਼ਾਤਰ ਅੌਰਤ ਆਖ਼ਰ ਖ਼ੁਦ ਪੁਲਿਸ ਦੇ ਅੜਿੱਕੇ ਆ ਗਈ। ਕਾਰੋਬਾਰੀ ਤੋਂ ਲਿਫਟ ਲੈ ਕੇ ਉਹ ਆਪਣਾ ਡਰਾਮਾ ਸ਼ੁਰੂ ਕਰਦੀ, ਇਸ ਤੋਂ ਪਹਿਲਾਂ ਹੀ ਕਾਰੋਬਾਰੀ ਉਕਤ ਬਲੈਕ ਮੇਲਰ ਅੌਰਤ ਨੂੰ ਥਾਣਾ ਸਲੇਮਟਾਬਰੀ ਲੈ ਗਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਹਾਲਾਂਕਿ ਇਸ ਮਾਮਲੇ ਵਿਚ ਰਾਜ਼ੀਨਾਮਾ ਹੋਣ ਕਾਰਨ ਅੌਰਤ ਖ਼ਿਲਾਫ਼ ਪਰਚਾ ਦਰਜ ਨਹੀਂ ਹੋ ਸਕਿਆ। ਮਾਮਲਾ ਬੁੱਧਵਾਰ ਦੁਪਹਿਰ ਕਰੀਬ 1 ਵਜੇ ਦਾ ਹੈ, ਜਦ ਕਾਰ ਸਵਾਰ ਕਾਰੋਬਾਰੀ ਨੂੰ ਇਕ ਅੌਰਤ ਨੇ ਲਿਫਟ ਲਈ ਇਸ਼ਾਰਾ ਕੀਤਾ ਅਤੇ ਕਾਰ ‘ਚ ਬੈਠ ਗਈ।


ਕੁਝ ਦੂਰ ਜਾਣ ਮਗਰੋਂ ਉਸ ਨੇ ਬਲੈਕਮੇਿਲੰਗ ਦਾ ਆਪਣਾ ਨਾਟਕ ਸ਼ੁਰੂ ਕਰ ਦਿੱਤਾ, ਪਰ ਡਰਨ ਦੀ ਬਜਾਏ ਕਾਰੋਬਾਰੀ ਨੇ ਸਮਝਦਾਰੀ ਨਾਲ ਕੰਮ ਲਿਆ ਅਤੇ ਕਾਰ ਵਿੱਚ ਬੈਠੇ ਉਸ ਅੌਰਤ ਸਮੇਤ ਥਾਣਾ ਸਲੇਮਟਾਬਰੀ ਪੁੱਜ ਗਿਆ। ਥਾਣੇ ਜਾ ਕੇ ਸਾਰੀ ਗੱਲ ਸਾਹਮਣੇ ਆਈ ਅਤੇ ਆਖ਼ਰ ਲੰਬੀ ਬਹਿਸ ਮਗਰੋਂ ਦੋਵਾਂ ਪੱਖਾਂ ‘ਚ ਥਾਣੇ ਤੋਂ ਬਾਹਰ ਹੀ ਆਪਸੀ ਰਾਜ਼ੀਨਾਮਾ ਹੋ ਗਿਆ। ਕਾਰੋਬਾਰੀ ਕੋਲੋਂ ਪੈਸਾ ਠੱਗਣ ਦੀ ਸਕੀਮ ਬਣਾਈ ਬੈਠੀ ਉਕਤ ਅੌਰਤ ਨੇ ਮਸਾਂ ਪੁਲਿਸ ਤੇ ਕਾਰੋਬਾਰੀ ਤੋਂ ਖਹਿੜਾ ਛੁਡਵਾਇਆ। ਇਸ ਮਾਮਲੇ ‘ਚ ਥਾਣਾ ਸਲੇਮਟਾਬਰੀ ਦੇ ਮੁਖੀ ਇੰਸਪੈਕਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਅਜਿਹਾ ਮਾਮਲਾ ਸਾਹਮਣੇ ਤਾਂ ਆਇਆ ਸੀ ਪਰ ਲਿਖਤੀ ਸ਼ਿਕਾਇਤ ਨਾ ਮਿਲਣ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।